Archive for category TAUR Mitran DI

TAUR Mitran DI will also promote Hockey

ਹਾਕੀ ਦੇ ਰੁਤਬੇ ਨੂੰ ਬੁਲੰਦ ਕਰੇਗੀ ‘ਟੌਹਰ ਮਿੱਤਰਾਂ ਦੀ’

Taur Mitran Di - Amrinder Gill, Surveen Chawla, Ranvijay

ਪੰਜਾਬੀ ਸਿਨੇਮਾ ਲਈ ‘ਤੇਰਾ ਮੇਰਾ ਕੀ ਰਿਸ਼ਤਾ’, ‘ਮੇਲ ਕਰਾ ਦੇ ਰੱਬਾ’, ‘ਧਰਤੀ’ ਜਿਹੀਆਂ ਕਾਮਯਾਬ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੌਜਵਾਨ ਨਿਰਦੇਸ਼ਕ ਨਵਨੀਤ ਸਿੰਘ ਗੁਗਨੂੰ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਟੌਹਰ ਮਿੱਤਰਾਂ ਦੀ’ ਨੂੰ ਅੰਤਿਮ ਛੋਹਾਂ ਦੇਣ ਵਿਚ ਜੁਟੇ ਹੋਏ ਹਨ।

ਪੰਜਾਬ ਦੇ ਇਤਿਹਾਸਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸ਼ਾਨਦਾਰ ਲੋਕੇਸ਼ਨਾਂ ਤੋਂ ਇਲਾਵਾ ਤਰਨਤਾਰਨ ਅਤੇ ਇਸ ਦੇ ਲਾਗਲੇ ਪਿੰਡਾਂ ਦੇ ਹਰੇ-ਭਰੇ ਖੇਤਾਂ-ਬੰਨਿਆਂ, ਆਲੀਸ਼ਾਨ ਹਵੇਲੀਆਂ ਵਿਚ ਸੰਪੂਰਨ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਨੇਪਰੇ ਚਾੜ੍ਹਨ ਵਿਚ ‘ਬਾਲੀਵੁੱਡ’, ‘ਪਾਲੀਵੁੱਡ’ ਦੇ ਬੇਹਤਰੀਨ ਸਿਨੇਮਾਟੋਗ੍ਰਾਫਰ ਹਰਮੀਤ ਸਿੰਘ ਵੀ ਅਹਿਮ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਤੋਂ ਫ਼ਿਲਮ ਦੇ ਥੀਮ ਸੰਬੰਧੀ ਜਾਣਿਆ ਤਾਂ ਉਨ੍ਹਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ ਨਾਲ ਸਜੀ ਇਸ ਫ਼ਿਲਮ ਵਿਚ ਹਾਕੀ ਖੇਡ ਨੂੰ ਵੀ ਕੇਂਦਰਬਿੰਦੂ ਬਣਾ ਕੇ ਹੋਰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਹਿੰਦੀ ਫ਼ਿਲਮ ਸਨਅਤ ਦੇ ਲੰਮੇ ਤਜਰਬੇ ਨੂੰ ਆਪਣੀ ਮਾਂ ਬੋਲੀ ਪੰਜਾਬੀ ਸਿਨੇਮਾ ਦੀ ਹੋਰ ਖੁਸ਼ਹਾਲੀ ਲਈ ਹੰਢਾ ਰਹੇ ਹਰਮੀਤ ਸਿੰਘ ਅਨੁਸਾਰ, ”ਆਪਣੀ ਮਿੱਟੀ ਦੀ ਖੁਸ਼ਬੂ ਨਾਲ ਸ਼ੁਰੂ ਤੋਂ ਹੀ ਬਜ਼ੁਰਗਾਂ ਵਰਗੀ ਸਾਂਝ ਰਹੀ ਹੈ, ਜਿਸ ਕਰਕੇ ਮਨ ਦੀ ਹਮੇਸ਼ਾ ਖਾਹਿਸ਼ ਰਹੀ ਹੈ ਕਿ ਮੇਰੇ ਵਾਂਗ ਮੇਰੇ ਦੋਨੋਂ ਬੇਟੇ ਵੀ ਆਪਣੇ ਸਿਨੇਮਾ ਲਈ ਤਨਦੇਹੀ ਨਾਲ ਕੋਸ਼ਿਸ਼ਾਂ ਨੂੰ ਅੰਜਾਮ ਦੇਣ। ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਨਵਨੀਤ ਦੇ ਬਾਅਦ ਮੇਰਾ ਛੋਟਾ ਬੇਟਾ ਜਤਿਨ ਐੱਚ. ਸਿੰਘ ਵੀ ਬਤੌਰ ਕੈਮਰਾਮੈਨ ਇਸ ਫ਼ਿਲਮ ਰਾਹੀਂ ਆਪਣੇ ਫ਼ਿਲਮ ਕੈਰੀਅਰ ਦਾ ਆਗ਼ਾਜ਼ ਕਰਨ ਜਾ ਰਿਹਾ ਹੈ।”
ਪੰਜਾਬੀ ਫ਼ਿਲਮ ਸਨਅਤ ਨੂੰ ਇੰਟਰਨੈਸ਼ਨਲ ਪੱਧਰ ‘ਤੇ ਸਥਾਪਿਤ ਕਰਨ ਦੀ ਇੱਛਾ ਰੱਖਦੇ ਨਿਰਦੇਸ਼ਕ ਨਵਨੀਤ ਵੀ ਆਪਣੀ ਇਸ ਨਵੀਂ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਨਵੀਂ ਫ਼ਿਲਮ ਹਰ ਵਰਗ ਦੇ ਲੋਕਾਂ ਦੀਆਂ ਆਸਾਂ ‘ਤੇ ਖਰੀ ਉਤਰਨ ਦੀ ਪੂਰੀ ਸਮਰੱਥਾ ਰੱਖਦੀ ਹੈ। ਇਸ ਫ਼ਿਲਮ ਵਿਚ ਜਿਥੇ ਪਰਿਵਾਰਕ ਭਾਵਨਾਵਾਂ ਦਾ ਨਿੱਘਾ ਅਹਿਸਾਸ ਸਿਨੇਮਾ ਦਰਸ਼ਕ ਮਾਣ ਸਕਣਗੇ, ਉਥੇ ਪੰਜਾਬੀਆਂ ਦੀ ਕੁਝ ਕਰ ਗੁਜ਼ਰਨ ਦੀ ਫ਼ਿਤਰਤ ਦਾ ਵੀ ਇਹ ਫ਼ਿਲਮ ਬਾਖ਼ੂਬੀ ਪ੍ਰਗਟਾਵਾ ਕਰੇਗੀ।
‘ਬਾਲੀਵੁੱਡ’ ਦੇ ਕਾਬਿਲ ਤਕਨੀਸ਼ਨਾਂ ਦੀ ਟੀਮ ‘ਤੇ ਆਧਾਰਿਤ ਇਸ ਫ਼ਿਲਮ ਵਿਚ ਹਿੰਦੀ ਸਿਨੇਮਾ ਦੇ ਪ੍ਰਸਿੱਧ ਸਟਾਰ ਮੁਕੇਸ਼ ਰਿਸ਼ੀ, ਰਣਵਿਜੇ ਸਿੰਘ ਤੋਂ ਇਲਾਵਾ ਅਮਰਿੰਦਰ ਗਿੱਲ, ਸੁਰਵੀਨ ਚਾਵਲਾ, ਅਮਿਤਾ ਨਾਗੀਆ, ਰਾਣਾ ਰਣਬੀਰ, ਜਪੁਜੀ ਖਹਿਰਾ, ਅੰਸ਼ੂ ਆਦਿ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫ਼ਿਲਮ ਲਈ ਬਣਾਏ ਵਿਸ਼ਾਲ ਅਤੇ ਆਲੀਸ਼ਾਨ ਸੈੱਟ ਵੀ ਇਸ ਫ਼ਿਲਮ ਦੇ ਆਕਰਸ਼ਣ ਦਾ ਖ਼ਾਸ ਕੇਂਦਰਬਿੰਦੂ ਹੋਣਗੇ, ਜਿਨ੍ਹਾਂ ਨੂੰ ਤਿਆਰ ਕਰਨ ਲਈ ਆਰਟ ਡਾਇਰੈਕਟਰ ਤੀਰਥ ਸਿੰਘ ਗਿੱਲ ਵਲੋਂ ਦਿਨ-ਰਾਤ ਮਿਹਨਤ ਕੀਤੀ ਗਈ।
ਪ੍ਰਸਿੱਧ ਫ਼ਿਲਮ ਨਿਰਮਾਣ ਕੰਪਨੀ ‘ਈਰੋਜ਼’ ਅਤੇ ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨ ਵਲੋਂ ਸਾਂਝੇ ਤੌਰ ‘ਤੇ ਬਣਾਈ ਜਾ ਰਹੀ ਇਸ ਫ਼ਿਲਮ ਦਾ ਸੰਗੀਤ ਜੈਦੇਵ ਕੁਮਾਰ ਨੇ ਤਿਆਰ ਕੀਤਾ ਹੈ, ਜਦਕਿ ਗੀਤਾਂ ਨੂੰ ਪਲੇਅਬੈਕ ਅਮਰਿੰਦਰ ਸਿੰਘ, ਜੱਗੀ ਸਿੰਘ ਆਦਿ ਵਲੋਂ ਕੀਤਾ ਗਿਆ ਹੈ। ਫ਼ਿਲਮ ਦੇ ਗਾਣਿਆਂ ਦਾ ਫ਼ਿਲਮਾਂਕਣ ਉੱਘੇ ਕੋਰੀਓਗ੍ਰਾਫਰ ਭੂਪੀ ਵਲੋਂ ਕੀਤਾ ਗਿਆ ਹੈ ਅਤੇ ਫਾਈਟ ਦ੍ਰਿਸ਼ਾਂ ਨੂੰ ਫ਼ਿਲਮਾਉਣ ਦੀ ਜ਼ਿੰਮੇਵਾਰੀ ਮੁੰਬਈ ਮਾਇਆਨਗਰੀ ਦੇ ਮੰਝੇ ਹੋਏ ਫਾਈਟ ਮਾਸਟਰ ਹੀਰਾ ਸਿੰਘ, ਨਾਗਰ ਪਠਾਨੀਆ ਨੇ ਸੰਭਾਲੀ ਹੈ, ਜਿਨ੍ਹਾਂ ਵਲੋਂ ਅਜਿਹੇ ਕਈ ਬੇਹਤਰੀਨ ਫਾਈਟ ਦ੍ਰਿਸ਼ਾਂ ਦਾ ਫ਼ਿਲਮਾਂਕਣ ਇਸ ਫ਼ਿਲਮ ਲਈ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਿਸੇ ਪੰਜਾਬੀ ਫ਼ਿਲਮ ਵਿਚ ਨਜ਼ਰੀਂ ਨਹੀਂ ਪਏ।

Advertisements

Leave a comment